Seminars/ Events Organised
Photo Gallery
Press Releases
 • 2023/02/08: ਪੰਜਾਬੀ ਯੂਨੀਵਰਸਿਟੀ ਨੂੰ ਅੱਜ ਖੇਡਾਂ ਦੇ ਖੇਤਰ ਵਿਚ ਦੋ ਖੁਸ਼ਖਬਰੀਆਂ ਪ੍ਰਾਪਤ ਹੋਈਆਂ। ਪਹਿਲੀ ਖੁਸ਼ਖਬਰੀ ਇਹ ਸੀ ਕਿ ਇੱਥੋਂ ਦੀਆਂ ਤਿੰਨ ਤੀਰੰਦਾਜ਼ ਗੁਰਮੇਹਰ ਕੌਰ, ਪਰਨੀਤ ਕੌਰ ਅਤੇ ਤਨੀਸ਼ਾ ਵਰਮਾ ਦੀ ਚੋਣ ਚੀਨ ਦੇ ਤੇਪਈ ਸ਼ਹਿਰ ਵਿਖੇ 10 ਮਾਰਚ ਤੋਂ 18 ਮਾਰਚ 2023 ਤੱਕ ਹੋਣ ਵਾਲੇ ਏਸ਼ੀਆ ਕੱਪ 2023 ਲਈ ਹੋ ਗਈ ਹੈ। ਇਹ ਖਿਡਾਰੀ ਲੜਕੀਆਂ ਪੰਜਾਬੀ ਯੂਨੀਵਰਸਿਟੀ ਦੇ ਆਰਚਰੀ ਕੋਚ ਸੁਰਿੰਦਰ ਸਿੰਘ ਰੰਧਾਵਾ ਦੀਆਂ ਸ਼ਗਿਰਦ ਹਨ। ਇਹ ਸਿਲੈਕਸ਼ਨ ਟਰਾਇਲ ਸੋਨੀਪਤ ਵਿਖੇ ਸਾਈ ਸੈਂਟਰ ਵਿਖੇ 6 ਤੋਂ 8 ਫਰਵਰੀ 2023 ਨੂੰ ਕਰਵਾਏ ਗਏ ਸਨ, ਜਿਸ ਵਿਚ ਇਨ੍ਹਾਂ ਤਿੰਨੇ ਖਿਡਾਰੀ ਲੜਕੀਆਂ ਨੇ ਆਪਣੇ ਵਧੀਆ ਪ੍ਰਦਰਸ਼ਨ ਸਦਕਾ ਭਾਰਤੀ ਟੀਮ ਦਾ ਹਿੱਸਾ ਬਨਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਅਤੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਵੱਲੋਂ ਇਨ੍ਹਾਂ ਨੂੰ ਵਧਾਈ ਦਿੰਦਿਆਂ ਏਸ਼ੀਆ ਕੱਪ ਚੈਂਪੀਅਨਸ਼ਿਪ ਵਿਚੋਂ ਮਾਅਰਕੇ ਮਾਰਨ ਦੀ ਹੱਲਾਸ਼ੇਰੀ ਦਿੱਤੀ ਅਤੇ ਕੋਚ ਨੂੰ ਵੀ ਉਚੇਚੇ ਤੌਰ ਤੇ ਮੁਬਾਰਕਬਾਦ ਦਿੱਤੀ।ਦੂਜੀ ਖੁਸ਼ਖਬਰੀ ਇਹ ਸੀ ਕਿ ਅੰਤਰ-ਜ਼ੋਨਲ ਅੰਤਰਵਰਸਿਟੀ ਬਾਸਕਿਟਬਾਲ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਬਾਸਕਟ ਬਾਲ ਪੁਰਸ਼ ਟੀਮ ਕੁਆਰਟਰ ਫਾਈਨਲ ਮੁਕਾਬਲਿਆਂ ਲਈ ਕੁਆਲੀਫਾਈ ਕਰਕੇ ਪਹਿਲੀਆਂ ਅੱਠ ਟੀਮਾਂ ਵਿਚ ਸ਼ਾਮਲ ਹੋ ਗਈ ਹੈ। ਇਹ ਅੰਤਰਵਰਸਿਟੀ ਮੁਕਾਬਲੇ ਡੀ.ਸੀ.ਆਰ.ਯੂ.ਐਸ.ਟੀ. ਮੁਰਥਲ ਯੂਨੀਵਰਸਿਟੀ ਸੋਨੀਪਤ ਵਿਖੇ ਮਿਤੀ 6 ਤੋਂ 10 ਫਰਵਰੀ 2023 ਤੱਕ ਆਯੋਜਿਤ ਕਰਵਾਏ ਜਾ ਰਹੇ ਹਨ।
 • 2023/02/07: ‘ਜੇ ਅਦਾਲਤਾਂ ਵਿੱਚ ਜਾਂ ਸੂਬੇ ਵਿੱਚ ਪੰਜਾਬੀ ਲਾਗੂ ਕਰਨੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਅਤੇ ਅਜਿਹੇ ਹੋਰ ਅਦਾਰਿਆਂ ਨੂੰ ਬਚਾਉਣਾ ਜ਼ਰੂਰੀ ਹੈ।’ ਸਮੁੱਚੀ ਮੀਟਿੰਗ ਵਿੱਚ ਇਹ ਸੁਰ ਭਾਰੂ ਰਹੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 'ਅਦਾਲਤਾਂ ਵਿਚ ਪੰਜਾਬੀ ਲਾਗੂ ਕਰਨ' ਦੇ ਮੁੱਦੇ ਉੱਤੇ ਸੁਝਾਅ ਲੈਣ ਲਈ ਸੂਬਾ ਪੱਧਰੀ ਮੀਟਿੰਗ ਵਿਧਾਨ ਸਭਾ ਚੰਡੀਗੜ੍ਹ ਵਿਖੇ ਕੀਤੀ। ਇਸ ਮੀਟਿੰਗ ਵਿਚ ਵੱਖ-ਵੱਖ ਲੇਖਕ ਸਭਾਵਾਂ, ਯੂਨੀਵਰਸਿਟੀਆਂ, ਅਖ਼ਬਾਰਾਂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪੰਜਾਬੀ ਲਾਗੂ ਕਰਨ ਲਈ ਪੰਜਾਬੀ ਨਾਲ ਜੁੜੇ ਅਦਾਰਿਆਂ ਨੂੰ ਮਜ਼ਬੂਤ ਕਰਨ ਦਾ ਮਸਲਾ ਵਾਰ-ਵਾਰ ਉਠ ਕੇ ਸਾਹਮਣੇ ਆਇਆ। ਸੀਨੀਅਰ ਪੱਤਰਕਾਰ ਸਤਨਾਮ ਮਾਣਕ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਇਸ ਗੱਲ ਨੂੰ ਉੱਘੜਵੇਂ ਰੂਪ ਵਿਚ ਪੇਸ਼ ਕੀਤਾ ਕਿ ਜੇ ਪੰਜਾਬ ਸਰਕਾਰ ਪੰਜਾਬੀ ਨੂੰ ਲਾਗੂ ਕਰਨ ਲਈ ਸੁਹਿਰਦ ਹੈ ਤਾਂ ਪੰਜਾਬੀ ਯੂਨੀਵਰਸਿਟੀ ਨੂੰ ਮਜ਼ਬੂਤ ਕਰਨਾ ਲਾਜ਼ਮੀ ਹੈ।
 • 2023/02/05: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਬੋਲੀ ਜਾਂਦੀ 'ਸਿਰਮੌਰੀ' ਭਾਸ਼ਾ ਨੂੰ ਇਕੱਠਾ ਕਰ ਕੇ ਇੱਕ ਕੋਸ਼ ਤਿਆਰ ਕੀਤਾ ਗਿਆ ਹੈ। ਖੋਜ ਦੌਰਾਨ ਸਾਹਮਣੇ ਆਇਆ ਕਿ ਪੰਜਾਬੀ ਦੇ ਪ੍ਰਭਾਵ ਵਾਲ਼ੀ ਇਸ ਭਾਸ਼ਾ ਨੂੰ ਬਚਾਏ ਜਾਣ ਦੀ ਲੋੜ ਹੈ।ਸਿਰਮੌਰ ਜ਼ਿਲ੍ਹੇ ਦੇ 75 ਪਿੰਡਾਂ ਨੂੰ ਅਧਾਰ ਬਣਾ ਕੇ ਕੀਤੇ ਗਏ ਸਰਵੇਖਣ ਅਧਾਰਿਤ ਖੋਜ ਵਿੱਚ ਇਹ ਤੱਥ ਸਾਹਮਣੇ ਆਏ ਹਨ। ਨਿਗਰਾਨ ਡਾ. ਜਸਵਿੰਦਰ ਸਿੰਘ ਸੈਣੀ ਦੀ ਅਗਵਾਈ ਵਿੱਚ ਖੋਜਾਰਥੀ ਸੁਖਦੀਪ ਸਿੰਘ ਵੱਲੋਂ ਕੀਤੀ ਇਸ ਖੋਜ ਦੌਰਾਨ ਪ੍ਰਾਪਤ ਅੰਕੜਿਆਂ ਤੋਂ ਇਹ ਤੱਥ ਸਪਸ਼ਟ ਰੂਪ ਵਿੱਚ ਸਾਹਮਣੇ ਆਏ ਕਿ ਇਸ ਸਥਾਨਕ ਭਾਸ਼ਾ ਦਾ ਰੋਜ਼ਗਾਰ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਇਸ ਦੀ ਕੋਈ ਆਪਣੀ ਲਿਪੀ ਹੈ। 1966 ਦੀ ਭਾਸ਼ਾ ਅਧਾਰਤ ਵੰਡ ਸਮੇਂ ਜ਼ਬਰੀ ਹਿੰਦੀ ਥੋਪੇ ਜਾਣ ਕਾਰਨ ਇਸ ਭਾਸ਼ਾ ਨੂੰ ਖੋਰਾ ਲੱਗਿਆ ਹੈ। ਵਰਤਮਾਨ ਸਿਰਮੌਰ ਜ਼ਿਲ੍ਹੇ ਦੇ ਆਮ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਸਿਰਮੌਰੀ ਹੈ ਪਰ ਦਫ਼ਤਰੀ ਭਾਸ਼ਾ ਹਿੰਦੀ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਪੰਜਾਬ ਦਾ ਹੀ ਹਿੱਸਾ ਸੀ ਜਿਸ ਕਾਰਨ ਸਿਰਮੌਰੀ ਭਾਸ਼ਾ ਵਿੱਚ ਹਾਲੇ ਵੀ ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਪ੍ਰਚੱਲਿਤ ਹਨ। ਉਥੋਂ ਦੇ ਸਥਾਨਕ ਵਾਸੀ ਪੰਜਾਬੀ ਸ਼ਬਦ 'ਅਖਾਣ' ਨੂੰ 'ਉਖਾਣ', 'ਇਜਾਜ਼ਤ' ਨੂੰ 'ਅਜਾਜਤ', 'ਅਮਲੀ' ਨੂੰ 'ਅੰਬਲੀ', 'ਇੱਖ' (ਗੰਨਾ) ਨੂੰ 'ਈਖ', 'ਡੰਗਰ' ਨੂੰ 'ਡੰਗਰ', 'ਡੱਡੂ' ਨੂੰ 'ਡਾਡੂ', ਗੁੱਟ ’ਤੇ ਪਾਏ ਜਾਣ ਵਾਲ਼ੇ ਗਹਿਣੇ 'ਕੜਾ' ਨੂੰ 'ਕੋੜਾ', 'ਝਾਂਜਰਾਂ' ਨੂੰ 'ਜਾਜਰਾ', ਚਾਲੀ ਸੇਰ ਵਜ਼ਨ ਨੂੰ 'ਮਣ', ਪਾਈਆ ਨੂੰ 'ਪਉਆ' ਉਚਾਰਨ ਕਰਦੇ ਹਨ।
 • 2023/02/03: ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਣ ਲੜੀ ਦੇ ਅੰਤਰਗਤ ਅੱਜ ਅੱਠਵਾਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਪਿੰਡ ਅਤੇ ਸ਼ਹਿਰ: ਬਨਾਮ ਦੀ ਸਿਆਸਤ ਵਿਸ਼ੇ ਉੱਪਰ ਵਿਸ਼ੇਸ਼ ਭਾਸ਼ਣ ਦੇਣ ਲਈ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉੱਘੇ ਸਮਾਜ ਸ਼ਾਸਤਰੀ ਪ੍ਰੋਫੈਸਰ ਜੋਧਕਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਸਮਾਜ-ਸ਼ਾਸਤਰ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪ੍ਰੋਫੈਸਰ ਗੁਰਮੁਖ ਸਿੰਘ ਮੁਖੀ,ਪੰਜਾਬੀ ਵਿਭਾਗ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਡਾ. ਬਲਕਾਰ ਸਿੰਘ ਦੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ ਪਹਿਲੂਆਂ ਬਾਰੇ ਤੁਆਰਫ਼ ਕਰਵਾਇਆ। ਵਿਸ਼ੇਸ਼ ਭਾਸ਼ਣ ਦੇਣ ਆਏ ਪ੍ਰੋਫੈਸਰ ਜੋਧਕਾ ਦੇ ਮਿਸਾਲੀ ਖੋਜ ਕਾਰਜਾਂ ਸੰਬੰਧੀ ਗੱਲ ਕਰਦਿਆਂ ਉ ਕਿਹਾ ਕਿ ਉਹ ਪਿੰਡ ਸ਼ਹਿਰ ਬਾਰੇ ਬਣੀ ਸਮਝ ਨੂੰ ਨਵੇਂ ਅਤੇ ਹਕੀਕੀ ਤਰੀਕੇ ਨਾਲ ਵੇਖਦੇ ਸਮਝਦੇ ਹਨ। ਉਨ੍ਹਾਂ ਦੀ ਖੋਜ ਦੇ ਮਹੱਤਵ ਅਤੇ ਆਦਰ ਵਜੋਂ ਕਈ ਵਕਾਰੀ ਮਾਣ-ਸਨਮਾਨ ਪ੍ਰੋਫੈਸਰ ਜੋਧਕਾ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰ ਦੇ ਚਿੰਤਕਾਂ ‘ਚ ਸ਼ੁਮਾਰ ਰੱਖਣ ਵਾਲੇ ਪ੍ਰੋਫੈਸਰ ਜੋਧਕਾ ਦਾ ਸਮਾਜ-ਸ਼ਾਸਤਰ ਦੇ ਖੇਤਰ ਵਿੱਚ ਕੰਮ ਵੱਡੇ ਮੁਕਾਮ ਅਤੇ ਵਿਲੱਖਣ ਪਹੁੰਚ ਵਾਲਾ ਹੈ।
 • 2023/02/03: ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਣ ਲੜੀ ਦੇ ਅੰਤਰਗਤ ਅੱਜ ਅੱਠਵਾਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਪਿੰਡ ਅਤੇ ਸ਼ਹਿਰ: ਬਨਾਮ ਦੀ ਸਿਆਸਤ ਵਿਸ਼ੇ ਉੱਪਰ ਵਿਸ਼ੇਸ਼ ਭਾਸ਼ਣ ਦੇਣ ਲਈ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉੱਘੇ ਸਮਾਜ ਸ਼ਾਸਤਰੀ ਪ੍ਰੋਫੈਸਰ ਜੋਧਕਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਸਮਾਜ-ਸ਼ਾਸਤਰ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪ੍ਰੋਫੈਸਰ ਗੁਰਮੁਖ ਸਿੰਘ ਮੁਖੀ,ਪੰਜਾਬੀ ਵਿਭਾਗ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਡਾ. ਬਲਕਾਰ ਸਿੰਘ ਦੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ ਪਹਿਲੂਆਂ ਬਾਰੇ ਤੁਆਰਫ਼ ਕਰਵਾਇਆ। ਵਿਸ਼ੇਸ਼ ਭਾਸ਼ਣ ਦੇਣ ਆਏ ਪ੍ਰੋਫੈਸਰ ਜੋਧਕਾ ਦੇ ਮਿਸਾਲੀ ਖੋਜ ਕਾਰਜਾਂ ਸੰਬੰਧੀ ਗੱਲ ਕਰਦਿਆਂ ਉ ਕਿਹਾ ਕਿ ਉਹ ਪਿੰਡ ਸ਼ਹਿਰ ਬਾਰੇ ਬਣੀ ਸਮਝ ਨੂੰ ਨਵੇਂ ਅਤੇ ਹਕੀਕੀ ਤਰੀਕੇ ਨਾਲ ਵੇਖਦੇ ਸਮਝਦੇ ਹਨ। ਉਨ੍ਹਾਂ ਦੀ ਖੋਜ ਦੇ ਮਹੱਤਵ ਅਤੇ ਆਦਰ ਵਜੋਂ ਕਈ ਵਕਾਰੀ ਮਾਣ-ਸਨਮਾਨ ਪ੍ਰੋਫੈਸਰ ਜੋਧਕਾ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰ ਦੇ ਚਿੰਤਕਾਂ ‘ਚ ਸ਼ੁਮਾਰ ਰੱਖਣ ਵਾਲੇ ਪ੍ਰੋਫੈਸਰ ਜੋਧਕਾ ਦਾ ਸਮਾਜ-ਸ਼ਾਸਤਰ ਦੇ ਖੇਤਰ ਵਿੱਚ ਕੰਮ ਵੱਡੇ ਮੁਕਾਮ ਅਤੇ ਵਿਲੱਖਣ ਪਹੁੰਚ ਵਾਲਾ ਹੈ।
 • 2023/02/01: ਹਪੰਜਾਬੀ ਯੂਨੀਵਰਸਿਟੀ ਤੋਂ ਜੀਵ ਵਿਗਿਆਨੀ ਪ੍ਰੋ. ਹਿਮੇਂਦਰ ਭਾਰਤੀ, ਜੋ ਕਿ ਇੱਥੇ ਸਥਾਪਿਤ 'ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ' ਦੇ ਡਾਇਰੈਕਟਰ ਹਨ, ਨੂੰ 'ਵਿਸ਼ਵ ਜਲਗਾਹ ਦਿਵਸ' ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਕਰਵਾਏ ਸਮਾਰੋਹ ਦੌਰਾਨ ਮੁੱਖ ਬੁਲਾਰੇ ਦੇ ਤੌਰ ਉੱਤੇ ਬੁਲਾਇਆ ਗਿਆ । ਇਸ ਮੌਕੇ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਜਲਗਾਹਾਂ ਅਤੇ ਈਕੋਸਿਸਟਮ ਦੀ ਮੌਜੂਦਾ ਸਥਿਤੀ ਬਾਰੇ ਚਰਚਾ ਕਰਦਿਆਂ ਵਾਤਾਵਰਣ ਦੀ ਮੁੜ ਬਹਾਲੀ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਵਾਤਾਵਰਣ ਸੰਕਟ ਵੱਖ-ਵੱਖ ਖਤਰਿਆਂ ਤੋਂ ਪੈਦਾ ਹੋਇਆ ਹੈ, ਜਿਨ੍ਹਾਂ ਵਿਚ ਰਿਹਾਇਸ਼ੀ ਸਥਾਨਾਂ ਦਾ ਵਿਨਾਸ਼, ਪਾਸਾਰ ਤੇ ਵਿਘਟਨ, ਜੈਵਿਕ ਸਰੋਤਾਂ ਦੀ ਦੁਰਵਰਤੋਂ ਸਮੇਤ ਹਮਲਾਵਾਰ ਪ੍ਰਜਾਤੀਆਂ , ਪ੍ਰਦੂਸ਼ਣ, ਬਿਮਾਰੀਆਂ ਅਤੇ ਵਿਸ਼ਵ ਪੱਧਰ ਦੀਆਂ ਜਲਵਾਯੂ ਤਬਦੀਲੀਆਂ ਆਦਿ ਸ਼ਾਮਿਲ ਹਨ। ਅਜਿਹੇ ਵਰਤਾਰੇ ਕਾਰਨ ਬਹੁਤ ਸਾਰੀਆਂ ਪ੍ਰਜਾਤੀਆਂ ਅਲੋਪ ਹੋਣ ਦੀ ਦਰ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਜਲਗਾਹਾਂ ਨੂੰ ਹਮੇਸ਼ਾ ਬਰਬਾਦੀ ਦੀ ਨਜ਼ਰ ਨਾਲ ਹੀ ਦੇਖਿਆ ਜਾਂਦਾ ਰਿਹਾ ਹੈ। ਸਾਡੀਆਂ 35 ਫ਼ੀਸਦੀ ਤੋਂ ਵੱਧ ਜਲਗਾਹਾਂ ਅਲੋਪ ਹੋ ਚੁੱਕੀਆਂ ਹਨ। ਇਸ ਮੌਕੇ ਉਨ੍ਹਾਂ ਜਲਗਾਹਾਂ ਦੀ ਬਹਾਲੀ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਤਾਂ ਜੋ ਅਸੀਂ ਕੁਦਰਤੀ ਸਰੋਤਾਂ ਦੀ ਰਾਖੀ ਕਰਦਿਆਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਅਨੁਕੂਲ ਵਾਤਾਵਰਣ ਦੇ ਸਕੀਏ।
 • 2023/02/01: "ਦੁਨੀਆਂ ਵਿੱਚ ਪੂਰੀ ਤਰ੍ਹਾਂ ਸ਼ੁੱਧ ਪ੍ਰਕਿਰਤੀ ਦੀ ਕੋਈ ਸ਼ੈਅ ਨਹੀਂ ਹੁੰਦੀ। ਵਿਗਾਸ ਦੀ ਪ੍ਰਕਿਰਿਆ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ ਜੀਨਜ਼ ਦੇ ਆਪਸੀ ਰਲ਼ੇਵੇਂ ਅਤੇ ਆਦਾਨ ਪ੍ਰਦਾਨ ਨਾਲ਼ ਹੀ ਦੁਨੀਆਂ ਏਨੀ ਖ਼ੂਬਸੂਰਤ ਬਣ ਸਕੀ ਹੈ ਜਿੰਨੀ ਕਿ ਅੱਜ ਵਿਖਾਈ ਦੇ ਰਹੀ ਹੈ।" ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸ਼ੁਰੂ ਕੀਤੀ ਗਈ ਸਾਲਾਨਾ ਭਾਸ਼ਣ ਲੜੀ ਤਹਿਤ ਅੱਜ ਪਹਿਲੇ ਕਦਮ ਵਜੋਂ 2022 ਦੌਰਾਨ ਨੋਬਲ ਪੁਰਸਕਾਰ ਜਿੱਤਣ ਵਾਲੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਮੁਹਾਰਤ ਖੇਤਰ ਸੰਬੰਧੀ ਵੱਖ-ਵੱਖ ਪੱਖਾਂ ਬਾਰੇ ਗੱਲ ਕਰਦਿਆਂ ਸਾਰੇ ਮਾਹਿਰਾਂ ਦੇ ਵਿਚਾਰਾਂ ਵਿੱਚੋਂ ਸਾਂਝੇ ਤੌਰ ਉੱਤੇ ਉਪਰੋਕਤ ਨੁਕਤਾ ਉੱਭਰ ਕੇ ਸਾਹਮਣੇ ਆਇਆ। ਸਾਇੰਸ ਆਡੀਟੋਰੀਅਮ ਵਿਖੇ ਹੋਇਆ ਇਸ ਲੜੀ ਦਾ ਇਹ ਪਹਿਲਾ ਪ੍ਰੋਗਰਾਮ ਇਸ ਗੱਲ ਦਾ ਵੀ ਗਵਾਹ ਬਣਿਆ ਕਿ ਮਿਆਰੀ ਪ੍ਰੋਗਰਾਮਾਂ ਵਿੱਚ ਸਿ਼ਰਕਤ ਕਰਨ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਕਿਸ ਸਿ਼ੱਦਤ ਨਾਲ਼ ਪਹੁੰਚਦੇ ਹਨ। ਵੱਖ-ਵੱਖ ਵਿਸਿ਼ਆਂ ਅਤੇ ਅਨੁਸ਼ਾਸਨਾਂ ਵਾਲੇ ਵਿਦਿਆਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਨਾਲ਼ ਯੂਨੀਵਰਸਿਟੀ ਦਾ ਸਾਇੰਸ ਆਡੀਟੋਰੀਅਮ ਖਚਾ-ਖਚ ਭਰਿਆ ਹੋਇਆ ਸੀ ਜਿੱਥੇ ਵਿਦਿਆਰਥੀਆਂ ਨੇ ਕੁਰਸੀਆਂ ਤੋਂ ਹੇਠਾਂ ਜ਼ਮੀਨ ਉੱਤੇ ਬੈਠ ਕੇ ਵੀ ਇਸ ਪ੍ਰੋਗਰਾਮ ਨੂੰ ਮਾਣਿਆ।
 • 2023/01/31: ਹਰ ਸਾਲ ਨੋਬਲ ਪੁਰਸਕਾਰ ਜਿੱਤਣ ਵਾਲੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਮੁਹਾਰਤ ਖੇਤਰ ਸੰਬੰਧੀ ਵੱਖ-ਵੱਖ ਪੱਖਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਸਾਲ ਤੋਂ ਇੱਕ ਵਿਸ਼ੇਸ਼ ਭਾਸ਼ਣ ਲੜੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਭਾਸ਼ਣ ਲੜੀ ਦਾ ਮਕਸਦ ਵਿਦਿਆਰਥੀਆਂ ਨੂੰ ਇਸ ਵੱਕਾਰੀ ਪੁਰਸਕਾਰ ਸਬੱਬ ਨਾਲ਼ ਆਪੋ ਆਪਣੇ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਭਰਨ ਲਈ ਪ੍ਰੇਰਿਤ ਕਰਨਾ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਪੰਜਾਬੀ ਭਾਸ਼ਾ ਵਿੱਚ ਵੱਖ-ਵੱਖ ਖੇਤਰਾਂ ਦਾ ਗਿਆਨ ਪੈਦਾ ਕਰਨ ਅਤੇ ਵਰਤਾਉਣ ਦੇ ਮੰਤਵ ਲਈ ਸਥਾਪਿਤ ਪੰਜਾਬੀ ਯੂਨੀਵਰਸਿਟੀ ਦਾ ਇਹ ਫਰਜ਼ਾਂ ਵਿੱਚ ਇਹ ਸ਼ਾਮਿਲ ਹੈ ਕਿ ਇਹ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਉੱਤੇ ਚੱਲ ਰਹੇ ਗਿਆਨ ਅਤੇ ਕਲਾ ਦੇ ਖੇਤਰ ਵਿਚਲੇ ਤਾਜ਼ਾ ਰੁਝਾਨਾਂ ਨਾਲ਼ ਜੋੜ ਕੇ ਰੱਖੇ। ਨੋਬਲ ਪੁਰਸਕਾਰ ਵਿਸ਼ਵ ਪੱਧਰ ਉੱਤੇ ਇੱਕ ਵੱਕਾਰੀ ਪੁਰਸਕਾਰ ਵਜੋਂ ਪ੍ਰਵਾਨਿਤ ਹੋਣ ਕਾਰਨ ਇਸ ਨੂੰ ਪ੍ਰਾਪਤ ਕਰਨ ਵਾਲ਼ੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਸੰਬੰਧਤ ਖੇਤਰਾਂ ਬਾਰੇ ਜਾਣਨਾ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਸ ਭਾਸ਼ਣ ਲੜੀ ਨੂੰ ਸਾਲਾਨਾ ਲੜੀ ਬਣਾ ਦਿੱਤਾ ਜਾਵੇ ਤਾਂ ਕਿ ਭਵਿੱਖ ਵਿੱਚ ਵੀ ਲਾਜ਼ਮੀ ਤੌਰ ਉੱਤੇ ਹਰ ਸਾਲ ਇਹ ਭਾਸ਼ਣ ਕਰਵਾਏ ਜਾ ਸਕਣ।
 • 2023/01/31: ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਿਤ ਯੂਨੀਵਰਸਲ ਹਿਊਮਨ ਵੈਲਿਊਜ਼ ਸੈੱਲ ਅਤੇ ਨਾਰੀ ਅਧਿਐਨ ਕੇਂਦਰ ਨੇ ਸਾਂਝੇ ਤੌਰ ਉੱਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ। 'ਮਨੁੱਖੀ ਕਦਰਾਂ ਕੀਮਤਾਂ : ਲਿੰਗਕ ਬਰਾਬਰੀ' ਵਿਸ਼ੇ ਉੱਤੇ ਇਹ ਭਾਸ਼ਣ ਪੰਜਾਬੀ ਯੂਨੀਵਰਸਿਟੀ ਦੇ ਵਧੀਕ ਡੀਨ ਖੋਜ ਡਾ. ਜਗਰੂਪ ਕੌਰ ਨੇ ਦਿੱਤਾ। ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਇਸ ਭਾਸ਼ਣ ਦੇ ਵਿਸ਼ੇ ਅਤੇ ਬੁਲਾਰੇ ਨਾਲ ਸਰੋਤਿਆਂ ਦੀ ਜਾਣ-ਪਛਾਣ ਕਰਵਾਈ।
 • 2023/01/31: ਵਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਵੱਲੋਂ '14ਵਾਂ ਸ਼ਹੀਦ ਸਰਦਾਰ ਨਾਨਕ ਸਿੰਘ ਯਾਦਗਾਰੀ ਭਾਸ਼ਣ' ਸੈਨੇਟ ਹਾਲ ਵਿਖੇ ਕਰਵਾਇਆ ਗਿਆ। 'ਭਾਰਤ ਦੇ ਅਜ਼ਾਦੀ ਸੰਘਰਸ਼ ਵਿੱਚ ਪੰਜਾਬ ਦਾ ਯੋਗਦਾਨ' ਵਿਸ਼ੇ ਉੱਤੇ ਇਹ ਭਾਸ਼ਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੇਵਾ-ਨਵਿਰਤ ਪ੍ਰੋ. ਸੁਖਮਨੀ ਬੱਲ ਰਿਆੜ, ਵੱਲੋਂ ਦਿੱਤਾ ਗਿਆ। ਆਪਣੇ ਭਾਸ਼ਣ ਵਿੱਚ ਉਨ੍ਹਾਂ ਪੰਜਾਬੀਆਂ ਵੱਲੋਂ 1849 ਤੋਂ ਬਾਅਦ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਨੇ ਵਿਸਥਾਰ ਪੂਰਵਕ 1849 ਤੋਂ ਲੈ ਕੇ 1947 ਤੱਕ ਦੀ ਭਾਰਤ ਪਾਕ ਵੰਡ ਦਾ ਇਤਿਹਾਸ ਬਹੁਤ ਹੀ ਸੁਚੱਜੇ ਢੰਗ ਨਾਲ ਕ੍ਰਮਵਾਰ ਤਰੀਕੇ ਨਾਲ ਚਾਨਣਾ ਪਇਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਤਿਹਾਸ ਵਿੱਚ ਸਰੋਤਾਂ ਦੀ ਮਹੱਤਤਾ ਬਾਰੇ ਅਤੇ ਸਾਹਿਤ ਅਤੇ ਇਤਿਹਾਸ ਦੇ ਆਪਸੀ ਅਨਿੱਖੜਵੇਂ ਸਬੰਧ ਉਪਰ ਵੀ ਚਾਨਣਾ ਪਾਇਆ।
 • 2023/01/30: ਵਾਰਿਸ ਸ਼ਾਹ ਦੀ ਤੀਜੀ ਸ਼ਤਾਬਦੀ ਸੰਬੰਧੀ ਸਰਗਰਮੀਆਂ ਦੀ ਲੜੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਵਾਰਿਸ ਸ਼ਾਹ ਨੂੰ ਸਮਰਪਿਤ ਨਵੇਂ ਸਾਲ ਦਾ 'ਟੇਬਲ ਕੈਲੰਡਰ' ਅਤੇ 'ਵਾਰਿਸ ਸ਼ਾਹ ਸੁਖਨ ਦਾ ਵਾਰਿਸ' ਨਾਟਕ ਨਾਲ਼ ਸੰਬੰਧਤ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਵਾਰਿਸ ਸ਼ਾਹ ਸ਼ਤਾਬਦੀ ਸੰਬੰਧੀ ਸਰਗਰਮੀਆਂ ਨੂੰ ਦਰਸਾਉਂਦੀ ਇੱਕ ਡਾਕੂਮੈਂਟਰੀ ਫਿ਼ਲਮ ਵੀ ਵਿਖਾਈ ਗਈ। ਸਿੰਡੀਕੇਟ ਰੂਮ ਵਿੱਚ ਰੱਖੇ ਗਏ ਇੱਕ ਸੰਖੇਪ ਸਮਾਗਮ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਹ ਕੈਲੰਡਰ ਅਤੇ ਪੋਸਟਰ ਜਾਰੀ ਕੀਤੇ ਗਏ।
 • 2023/01/29: ਪੰਜਾਬੀ ਯੂਨੀਵਰਸਿਟੀ ਦੇ ਫਿਜਿ਼ਓਥੈਰੇਪੀ ਵਿਭਾਗ ਵਿਖੇ ਹੋਈ ਇੱਕ ਖੋਜ ਦੌਰਾਨ ਸਾਹਮਣੇ ਆਇਆ ਕਿ ਮਾਹਵਾਰੀ ਨਾਲ਼ ਸੰਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਵਿੱਚ ਥਾਇਰਡ ਦੀ ਇੱਕ ਵਿਸ਼ੇਸ਼ ਕਿਸਮ ਸਬ-ਕਲੀਨੀਕਲ ਹਾਈਪੋਥਾਇਰਡਿਜ਼ਮ (ਐੱਸ. ਸੀ. ਐੱਚ.)ਦੀ ਸਮੱਸਿਆ ਵੀ ਅਕਸਰ ਪਾਈ ਜਾਂਦੀ ਹੈ ਜਿਸ ਲਈ ਕਿ ਸ਼ੁਰੂਆਤੀ ਪੱਧਰ ਉੱਤੇ ਡਾਕਟਰਾਂ ਵੱਲੋਂ ਕੋਈ ਦਵਾਈ ਨਹੀਂ ਦਿੱਤੀ ਜਾਂਦੀ। ਸਮੇਂ ਸਿਰ ਇਸ ਦੀ ਪਹਿਚਾਣ ਨਾ ਹੋ ਸਕਣ ਕਾਰਨ ਬਾਅਦ ਵਿੱਚ ਇਹ ਕਿਸਮ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਜਾਂਦੀ ਹੈ। ਖੋਜ ਅਨੁਸਾਰ ਅਜਿਹੇ ਕੇਸਾਂ ਵਿੱਚ ਸੰਬੰਧਤ ਮਰੀਜ਼ ਦੀ ਖੁਰਾਕ ਵਿੱਚ ਕੁੱਝ ਵਿਸ਼ੇਸ਼ ਸੁਧਾਰ ਕਰ ਕੇ ਅਤੇ ਕੁੱਝ ਵਿਸ਼ੇਸ਼ ਕਸਰਤਾਂ (ਪ੍ਰੋਗਰੈਸਿਵ ਰਜਿ਼ਸਟਡ ਐਕਸਰਸਾਈਜ਼ਜ਼ ) ਨੂੰ ਉਸ ਦੇ ਰੁਟੀਨ ਵਿੱਚ ਸ਼ਾਮਿਲ ਕਰ ਕੇ ਇਸ ਸਮੱਸਿਆ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਅਜਿਹਾ ਹੋਣ ਨਾਲ਼ ਦੇਸ ਦੀ ਕੁੱਲ ਅਬਾਦੀ ਦੇ ਬਹੁਤ ਵੱਡੇ ਹਿੱਸੇ ਨੂੰ ਇਸ ਰੋਗ ਅਤੇ ਇਸ ਨਾਲ਼ ਜੁੜੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ।
 • 2023/01/26: ਪਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਅਤੇ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ 'ਪਦਮ ਸ੍ਰੀ ਪੁਰਸਕਾਰ' ਦਿੱਤੇ ਜਾਣ ਦੇ ਐਲਾਨ ਉਪਰੰਤ ਯੂਨੀਵਰਸਿਟੀ ਵਿਖੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਲੰਬਾ ਸਮਾਂ ਡਾ. ਜੱਗੀ ਦੀ ਕਰਮਭੂਮੀ ਰਹੀ ਹੈ। ਖੋਜ, ਸਮੀਖਿਆ ਅਤੇ ਚਿੰਤਨ ਦੇ ਵਧੇਰੇ ਕਾਰਜ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜ ਕੇ ਹੀ ਸੰਪੰਨ ਕੀਤੇ ਹਨ। ਪਿਛਲੇ ਸਾਲ ਸਥਾਪਨਾ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਵੀ ਕੀਤਾ ਸੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਨੂੰ ਲਾਈਫ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਹੈ।
 • 2023/01/26: ਪਗਣਤੰਤਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਦੀ ਰਵਾਇਤ ਅਨੁਸਾਰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੈਂਪਸ ਵਿਖੇ ਤਿਰੰਗਾ ਲਹਿਰਾਇਆ ਗਿਆ। ਹਰ ਸਾਲ ਵਾਂਗ ਇਸ ਵਾਰ ਵੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਇਸ ਮੌਕੇ ਹੋਣ ਵਾਲੀ ਪਰੇਡ ਵਿੱਚ ਭਾਗ ਲਿਆ। ਤਿਰੰਗਾ ਲਹਿਰਾਏ ਜਾਣ ਦੀ ਰਸਮ ਉਪਰੰਤ ਸੈਨੇਟ ਹਾਲ ਵਿਖੇ ਇੱਕ ਸੰਖੇਪ ਪ੍ਰੋਗਰਾਮ ਕੀਤਾ ਗਿਆ ਜਿੱਥੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਸਮੂਹ ਹਾਜ਼ਰੀਨ ਨੂੰ ਸੰਬੋਧਤ ਹੋਏ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਦਿਹਾੜੇ ਉੱਪਰ ਸਾਨੂੰ ਇਸ ਗੱਲ ਦਾ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਡੇ ਸੰਵਿਧਾਨ ਨਿਰਮਾਤਾ ਵੱਲੋਂ ਵਿਖਾਏ ਗਏ ਰਾਹਾਂ ਉੱਤੇ ਤੁਰ ਰਹੇ ਹਾਂ। ਉਹਨਾਂ ਕਿਹਾ ਕਿ ਸਾਨੂੰ ਸਾਡੇ ਦੇਸ ਜਾਂ ਦੇਸ ਵਿਚਲੇ ਜਿਸ ਕਿਸੇ ਵੀ ਅਦਾਰੇ ਵਿਚ ਅਸੀਂ ਵਿਚਰ ਰਹੇ ਹੋਈਏ ਓਥੇ ਅਸਲ ਅਰਥਾਂ ਵਿੱਚ ਜਮਹੂਰੀਅਤ ਵਾਲਾ ਮਾਹੌਲ ਸਿਰਜਣ ਵਿੱਚ ਆਪਣਾ ਭਰਵਾਂ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਚੰਗੇ ਨਾਗਰਿਕ ਹੋਣ ਦਾ ਫਰਜ਼ ਹੈ। ਇਸ ਮੌਕੇ ਉਨ੍ਹਾਂ ਦੇਸ ਅਤੇ ਯੂਨੀਵਰਸਿਟੀ ਨੂੰ ਹੋਰ ਬਿਹਤਰ ਬਣਾਉਣ ਲਈ ਆਪੋ ਆਪਣੇ ਹਿੱਸੇ ਦੇ ਕਾਰਜ ਹੋਰ ਵਧੇਰੇ ਜ਼ਿੰਮੇਦਾਰੀ ਨਾਲ਼ ਕਰਨ ਹਿਤ ਅਹਿਦ ਲੈਣ ਲਈ ਵੀ ਪ੍ਰੇਰਿਤ ਕੀਤਾ।
 • 2023/01/24: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਤਾਮਿਲਨਾਡੂ ਵਿਖੇ ਆਈ.ਆਈ.ਟੀ.ਮਦਰਾਸ (ਚੇਨਈ) ਵਿੱਚ ਹੋ ਰਹੀ ਕਾਨਫਰੰਸ ਵਿੱਚ ਮਾਹਿਰ ਵਜੋਂ ਸ਼ਿਰਕਤ ਕਰ ਰਹੇ ਹਨ। 23 ਤੋਂ 27 ਜਨਵਰੀ 2023 ਦੌਰਾਨ 'ਕੁਆਂਟਮ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਤਰੱਕੀ' ਵਿਸ਼ੇ ਉੱਤੇ ਹੋ ਰਹੀ ਇਸ ਕਾਨਫਰੰਸ ਵਿੱਚ ਉਹ ਕੁਆਂਟਮ ਭੌਤਿਕ ਵਿਗਿਆਨ ਦੇ ਮਾਹਿਰ ਵਜੋਂ ਸ਼ਾਮਿਲ ਹੋਏ ਹਨ। ਇਸ ਕਾਨਫਰੰਸ ਵਿੱਚ ਵਿਚਾਰੇ ਜਾਣ ਵਾਲ਼ੇ ਵਿਸ਼ਿਆਂ ਵਿੱਚ ਕੁਆਂਟਮ ਜਾਣਕਾਰੀ, ਕੁਆਂਟਮ ਡਿਵਾਈਸਾਂ, ਕੁਆਂਟਮ ਮੈਟਰੋਲੋਜੀ, ਕੁਆਂਟਮ ਮਸ਼ੀਨ ਲਰਨਿੰਗ ਆਦਿ ਸ਼ਾਮਿਲ ਹਨ। ਇਸ ਕਾਨਫਰੰਸ ਵਿੱਚ ਵੱਖ-ਵੱਖ ਖੇਤਰਾਂ ਦੇ ਵਿਗਿਆਨੀਆਂ ਨੇ ਸ਼ਿਰਕਤ ਕੀਤੀ ਹੈ ਜਿਨ੍ਹਾਂ ਵਿੱਚ ਦੇਸ ਦੀਆਂ IISERs, IITs ਅਤੇ IISc ਸੰਸਥਾਵਾਂ ਤੋਂ ਇਲਾਵਾ ਯੂਰਪ, ਅਮਰੀਕਾ, ਆਸਟ੍ਰੇਲੀਆ ਅਤੇ ਸਿੰਗਾਪੁਰ ਤੋਂ ਵਿਸ਼ਾ ਮਾਹਿਰ ਸ਼ਾਮਲ ਹੋਏ ਹਨ। IBM ਯਾਰਕਟਾਉਨ, IBMQ ਇੰਡੀਆ, Mphasis, Accelequant ਅਤੇ TCG CREST ਆਦਿ ਸੰਸਥਾਵਾਂ ਤੋਂ ਉਦਯੋਗ ਮਾਹਰ ਵੀ ਸ਼ਿਰਕਤ ਕਰ ਰਹੇ ਹਨ। ਜਿਕਰਯੋਗ ਹੈ ਕੇ ਪ੍ਰੋ. ਅਰਵਿੰਦ ਕੁਆਂਟਮ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਦੇ ਵਿਗਿਆਨੀ ਹਨ। ਆਈ. ਆਈ. ਟੀ. ਬੰਗਲੌਰ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਪ੍ਰੋ. ਅਰਵਿੰਦ ਆਈ.ਆਈ.ਟੀ. ਮਦਰਾਸ (ਚੇਨਈ) ਵਿਖੇ ਫ਼ੈਕਲਟੀ ਮੈਂਬਰ ਵਜੋਂ ਵੀ ਵਿਚਰ ਚੁੱਕੇ ਹਨ।
 • 2023/01/23: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗਣਿਤ ਵਿਭਾਗ ਵੱਲੋਂ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। 'ਸੁਰੱਖਿਅਤ ਅਤੇ ਸਹੀ ਢੰਗ ਨਾਲ ਡੈਟਾ ਸੰਚਾਰਿਤ ਕਰਨ ਵਿੱਚ ਗਣਿਤ ਦੀ ਭੂਮਿਕਾ' ਵਿਸ਼ੇ ਉੱਤੇ ਕਰਵਾਇਆ ਗਿਆ ਇਹ ਭਾਸ਼ਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੁੱਜੇ ਬੁਲਾਰੇ ਪ੍ਰੋ. ਮਧੂ ਰਾਕਾ ਵੱਲੋਂ ਦਿੱਤਾ ਗਿਆ। ਇਹ ਭਾਸ਼ਣ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਅਧੀਨ ਕੰਮ ਕਰਦੇ ਨੈਸ਼ਨਲ ਬੋਰਡ ਆਫ਼ ਹਾਇਰ ਮੈਥੇਮੇਟਿਕਸ ਅਤੇ ਇੰਡੀਅਨ ਵਿਮੈਨ ਐਂਡ ਮੈਥੇਮੇਟਿਕਲ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਪ੍ਰੋ. ਮਧੂ ਰਾਕਾ ਨੇ ਆਪਣੇ ਭਾਸ਼ਣ ਦੌਰਾਨ ਕ੍ਰਿਪਟੋਗ੍ਰਾਫੀ ਅਤੇ ਕੋਡਿੰਗ ਥਿਊਰੀ ਵਿੱਚ ਹਾਲ ਹੀ ਦੇ ਖੋਜ ਰੁਝਾਨਾਂ ਬਾਰੇ ਬਹੁਤ ਹੀ ਪਰਸਪਰ ਪ੍ਰਭਾਵੀ ਢੰਗ ਨਾਲ ਹਾਜ਼ਰੀਨ ਨੂੰ ਜਾਣੂ ਕਰਵਾਇਆ। ਪੰਜਾਬੀ ਯੂਨੀਵਰਸਿਟੀ ਤੋਂ ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਡਾ. ਸੰਜੀਵ ਪੁਰੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
 • 2023/01/20: ‘ਰਾਗ ਕਾਫਲਾ’ ਵੱਲੋਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ‘ਰਾਗ’ ਅੰਕ-13 ਦਾ ਲੋਕ ਅਰਪਣ ਅਤੇ ਪੁਰਸਕਾਰ ਭੇਂਟ ਸਮਾਗਮ ਕੀਤਾ ਗਿਆ। ਇਸ ਮੌਕੇ ਰਾਗ ਵਾਰਤਕ ਪੁਰਸਕਾਰ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਰਾਗ ਕਥਾ ਪੁਰਸਕਾਰ ਪ੍ਰੋ. ਬਲਦੇਵ ਸਿੰਘ ਧਾਲੀਵਾਲ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਮਿਆਰੀ ਸਾਹਿਤ ਅਤੇ ਚੰਗੇ ਸਾਹਿਤ ਸਿਰਜਕਾਂ ਦਾ ਆਦਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਦੀ ਭਾਸ਼ਾ, ਸਭਿਆਚਾਰ ਅਤੇ ਭਾਸ਼ਾ ਦੇ ਕਥਾਕਾਰਾਂ ਤੋਂ ਉਸ ਕੌਮ ਦੀ ਤਾਕਤ/ਸਮਰੱਥਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ। ਸਮਾਗਮ ਬਾਰੇ ਜਾਣ-ਪਛਾਣ ਕਰਾਉਂਦਿਆਂ ਰਾਗ ਰਸਾਲੇ ਦੇ ਸੰਪਾਦਕ ਕਥਾਕਾਰ ਜਸਵੀਰ ਰਾਣਾ ਨੇ ਕਿਹਾ ਕਿ ਸਾਡੇ ਕੁਝ ਪਰਵਾਸੀ ਸਿਰਜਕ ਚੰਗੀ ਸਾਹਿਤ ਸਿਰਜਣਾ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰ ਰਹੇ ਹਨ ਉਨ੍ਹਾਂ ਚੋਂ ਰਾਗ ਕਾਫਲਾ ਦੇ ਇੰਦਰਜੀਤ ਸਿੰਘ ਪੁਰੇਵਾਲ ਇੱਕ ਹਨ। ਉਨ੍ਹਾਂ ਵੱਲੋਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪੁਰਸਕਾਰ ਦੇਣ ਦੀ ਯੋਜਨਾ ਬਣਾਈ ਗਈ ਹੈ ਜਿਸਦੇ ਤਹਿਤ ਅੱਜ ਵਾਰਤਕ ਅਤੇ ਕਥਾ ਸਿਰਜਣਾ ਸੰਬੰਧੀ ਪੁਰਸਕਾਰ ਦਿੱਤੇ ਜਾ ਰਹੇ ਹਨ।
 • 2023/01/17: ਪੰਜਾਬੀ ਯੂਨੀਵਰਸਿਟੀ ਵੱਲੋਂ ਰੱਖੀ ਗਈ ਸਾਬਕਾ ਵਿਦਿਆਰਥੀ ਮਿਲਣੀ ਮੌਕੇ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਵਿਭਾਗ ਪੱਧਰ ਉੱਤੇ ਵੀ ਸਾਬਕਾ ਵਿਦਿਆਰਥੀ ਮਿਲਣੀ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਸ਼ਾਮਿਲ ਹੋਏ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਵਿੱਚ ਸੁਸ਼ੀਲ ਖੁਰਾਣਾ, ਰਵਿੰਦਰਪਾਲ ਸਿੰਘ ਆਹੂਜਾ, ਰਸ਼ਪਾਲ, ਜਿਤੇਸ਼ ਪੁਬਰੇਜਾ, ਗੁਰਦੀਪ ਸਿੰਘ, ਡਾ. ਨੀਰਜ ਸ਼ਰਮਾ ਆਦਿ ਦੇ ਨਾਮ ਪ੍ਰਮੁੱਖ ਹਨ। ਜ਼ਿਕਰਯੋਗ ਹੈ ਕਿ ਸੁਸ਼ੀਲ ਖੁਰਾਣਾ ਇਸ ਸਮੇਂ ਭੋਜਨ ਨਾਲ਼ ਸੰਬੰਧਤ ਕਾਰੋਬਾਰ ਵਿੱਚ ਹਨ ਜਿਸ ਤਹਿਤ ਸ਼ਿਕਾਗੋ ਵਿੱਚ ਇਨ੍ਹਾਂ ਦੇ ਰੈਸਟੋਰੈਂਟ ਹਨ ਅਤੇ ਹਾਲ ਹੀ ਵਿੱਚ ਇਨ੍ਹਾਂ ਉਤਪਾਦਨ ਯੂਨਿਟ ਵੀ ਸ਼ੁਰੂ ਕੀਤਾ ਹੈ। ਰਵਿੰਦਰ ਪਾਲ ਸਿੰਘ ਆਹੂਜਾ ਇਸ ਸਮੇਂ ਡੀ.ਈ.ਜੀ.ਟੀ.ਓ. ਕਮ ਡਿਪਟੀ ਸੀ.ਈ.ਓ. (ਡੀ.ਬੀ.ਈ.ਈ.) ਸੰਗਰੂਰ ਅਤੇ ਮਲੇਰਕੋਟਲਾ ਵਜੋਂ ਕੰਮ ਕਰ ਰਹੇ ਹਨ। ਰਛਪਾਲ ਸਿੰਘ, ਜਿਲ੍ਹਾ ਕਮਾਂਡੈਂਟ, ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਜ਼ਿਲ੍ਹਾ ਮਾਨਸਾ ਵਜੋਂ ਅਤੇ ਜਿਤੇਸ਼ ਪੁਬਰੇਜਾ ਬਲੂਏਵਜ਼ ਈ-ਹੈਲਥ ਸੇਵਾਵਾਂ ਵਿੱਚ ਸੀਨੀਅਰ ਤਕਨੀਕੀ ਲੀਡ ਵਜੋਂ ਕੰਮ ਕਰ ਰਹੇ ਹਨ।
 • 2023/01/17: ਪਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ 'ਭਾਈ ਵੀਰ ਸਿੰਘ ਸਾਹਿਤ ਚਿੰਤਨ' ਦੇ ਵਿਸ਼ੇ ਉੱਤੇ ਡਾ. ਸਰਬਜੀਤ ਸਿੰਘ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਪਰਮੀਤ ਕੌਰ ਨੇ ਡਾ. ਸਰਬਜੀਤ ਸਿੰਘ ਦੀ ਸ਼ਖ਼ਸੀਅਤ ਨਾਲ ਮੁੱਢਲੀ ਜਾਣ-ਪਛਾਣ ਕਰਵਾਈ। ਡਾ. ਸਰਬਜੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਭਾਈ ਵੀਰ ਸਿੰਘ ਦੇ ਸਾਹਿਤ ਚਿੰਤਨ ਬਾਰੇ ਮੁੱਲਵਾਨ ਚਰਚਾ ਕੀਤੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਕਿ ਭਾਈ ਵੀਰ ਸਿੰਘ ਬਾਰੇ ਨਿਰੀ-ਪੁਰੀ ਆਧੁਨਿਕਤਾ ਦੀ ਧਾਰਨਾ ਤੋਂ ਹਟਕੇ ਉਨ੍ਹਾਂ ਦੀ ਰਚਨਾ-ਦ੍ਰਿਸ਼ਟੀ ਨੂੰ ਇਤਿਹਾਸਿਕ ਪ੍ਰਸੰਗ ਦੇ ਵਿਸ਼ਾਲ ਪਰਿਪੇਖ ਵਿੱਚ ਰੱਖ ਕੇ ਵਿਚਾਰਨ ਦੀ ਜ਼ਰੂਰਤ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਕਿਹਾ ਕਿ ਸਾਡੇ ਮੋਢਿਆਂ ਉੱਤੇ ਸਾਡੀ ਆਉਣ ਵਾਲੀ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਜਿਸਨੂੰ ਨਿਭਾਉਣ ਲਈ ਸਾਨੂੰ ਵਿਭਿੰਨ ਕੌਸ਼ਲਾਂ ਨਾਲ ਭਰਪੂਰ ਹੋਣਾ ਪਵੇਗਾ।
 • 2023/01/16 'ਪੰਜਾਬੀ ਯੂਨੀਵਰਸਿਟੀ ਦੀ ਆਬੋ ਹਵਾ ਐਸੀ ਹੈ ਕਿ ਇੱਥੋਂ ਪੜ੍ਹਿਆਂ ਨੂੰ ਤਾਅ ਉਮਰ ਇਸ ਦਾ ਚੇਤਾ ਨਹੀਂ ਭੁਲਦਾ। ਜਿ਼ੰਦਗੀ ਵਿੱਚ ਉੱਚੀਆਂ ਮੰਜਿ਼ਲਾਂ ਉੱਤੇ ਬੈਠਿਆਂ ਨੂੰ ਵੀ ਇੱਥੋਂ ਦੀ ਹੋਸਟਲ ਨਾਲ਼ ਜੁੜੀ ਜਿ਼ੰਦਗੀ, ਕੈਂਪਸ ਵਿੱਚ ਵਿਚਰਨ ਦਾ ਚਾਅ, ਹੋਸਟਲ ਦਾ ਖਾਣਾ, ਕੰਟੀਨਾਂ ਦੀਆਂ ਰੌਣਕਾਂ, ਲਾਇਬਰੇਰੀਆਂ ਵਿਚਲੀ ਗਹਿਰੀ ਸਾਕਾਰਤਮਕ ਚੁੱਪ ਵਾਲੇ ਮਾਹੌਲ ਦੀਆਂ ਝਲਕਾਂ ਭੁਲਾਇਆਂ ਵੀ ਨਹੀਂ ਭੁਲਦੀਆਂ' ਅਜਿਹੇ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਵਿਹੜੇ ਰੱਖੇ ਗਏ ਪ੍ਰੋਗਰਾਮ ਵਿੱਚ ਪ੍ਰਗਟਾਏ ਗਏ। ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹੇ ਵਿਦਿਆਰਥੀ, ਜੋ ਹੁਣ ਵੱਖ-ਵੱਖ ਖੇਤਰਾਂ ਵਿੱਚ ਉੱਚਿਆਂ ਮੁਕਾਮਾਂ ਨੂੰ ਛੋਹ ਰਹੇ ਹਨ, ਯੂਨੀਵਰਸਿਟੀ ਵੱਲੋਂ ਕਰਵਾਈ ਗਈ 'ਸਾਬਕਾ ਵਿਦਿਆਰਥੀ ਮਿਲਣੀ' ਦੌਰਾਨ ਉਤਸ਼ਾਹ ਪੂਰਵਕ ਢੰਗ ਨਾਲ਼ ਇਕੱਠੇ ਹੋਏ ਅਤੇ ਯੂਨੀਵਰਸਿਟੀ ਨਾਲ਼ ਜੁੜੇ ਆਪਣੇ ਤਜਰਬਿਆਂ ਅਤੇ ਯਾਦਾਂ ਦੀ ਆਪਸੀ ਸਾਂਝ ਪਾਈ। ਅਲੂਮਨੀ ਮੀਟ ਦੇ ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੀਆਂ ਸਾਰੀਆਂ ਫ਼ੈਕਲਟੀਆਂ ਵਿੱਚੋਂ ਇੱਕ-ਇੱਕ ਸਾਬਕਾ ਵਿਦਿਆਰਥੀ ਨੂੰ ਸਨਮਾਨਿਤ ਵੀ ਕੀਤਾ ਗਿਆ। 11 ਫੈਕਲਟੀਆਂ ਵਿਚੋਂ ਨੋਮੀਨੇਟ ਹੋਏ ਵੱਖ—ਵੱਖ ਉੱਘੇ ਵਿਅਕੀਤਆਂ ਵਿੱਚ ਜਸਟਿਸ ਅਲੋਕ ਜੈਨ, ਲੈਫਟੀਨੈਂਟ ਜਰਨਲ ਡਾ. ਦੇਵਿੰਦਰ ਦਿਆਲ ਸਿੰਘ ਸੰਧੂ, ਸੁਖਵਿੰਦਰ ਖੰਨਾ, ਡਾ. ਭੁਪਿੰਦਰ ਸਿੰਘ ਖਹਿਰਾ, ਵਰਿੰਦਰ ਵਾਲੀਆ, ਰਵਿੰਦਰ ਪਾਲ ਚਹਿਲ, ਡਾ. ਰੁਪਿੰਦਰ ਸਿੰਘ ਖੇੜਾ, ਡਾ. ਪਰਮਜੀਤ ਸਿੰੰਘ, ਦੇਵਿੰਦਰ ਸਿੰਘ ਭਾਟੀਆ, ਇੰਜ. ਦੀਪਕ ਗਰਗ ਸ਼ਾਮਿਲ ਸਨ।
 • 2023/01/15 ਨਿੰੰਮ੍ਹ ਦੀਆਂ ਨਮੋਲ਼ੀਆਂ ਵਿੱਚੋਂ ਨਿੱਕਲ਼ਦਾ ਤੇਲ ਕਿਸ ਤਰੀਕੇ ਨਾਲ ਡੀਜ਼ਲ ਵਾਂਗ ਕੰਮ ਕਰ ਸਕਦਾ ਹੈ, ਇਸ ਨੁਕਤੇ ਨੂੰ ਸਮਝਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿਖੇ ਇੱਕ ਖੋਜ ਕੀਤੀ ਗਈ ਹੈ। ਖੋਜਾਰਥੀ ਮਯੰਕ ਛਾਬੜਾ ਵੱਲੋਂ ਨਿਗਰਾਨ ਪ੍ਰੋ. ਬਲਰਾਜ ਸਿੰਘ ਸੈਣੀ ਅਤੇ ਸਹਿ-ਨਿਗਰਾਨ ਡਾ. ਗੌਰਵ ਦਵਿਵੇਦੀ ਦੀ ਅਗਵਾਈ ਵਿੱਚ 'ਨਿੰਮ ਬਾਇਓਡੀਜ਼ਲ ਦਾ ਉਤਪਾਦਨ ਅਤੇ ਅਨੁਕੂਲਨ' ਵਿਸ਼ੇ ਉੱਤੇ ਕੀਤੇ ਗਏ ਇਸ ਖੋਜ ਕਾਰਜ ਵਿੱਚ ਇਹ ਜਾਣਨ ਦੀ ਕੋਸਿ਼ਸ਼ ਕੀਤੀ ਗਈ ਹੈ ਕਿ ਨਿੰਮ ਦੀਆਂ ਨਮੋਲ਼ੀਆਂ ਵਿੱਚੋਂ ਨਿੱਕਲਣ ਵਾਲ਼ਾ ਤੇਲ ਕਿਸ ਤਰੀਕੇ ਨਾਲ਼ ਅਤੇ ਕਿੰਨੇ ਕੁ ਢੁਕਵੇਂ ਤਰੀਕੇ ਨਾਲ਼ ਡੀਜ਼ਲ ਵਾਂਗ ਈਂਧਣ ਵਜੋਂ ਕਾਰਗਰ ਸਾਬਿਤ ਹੋ ਸਕਦਾ ਹੈ।
 • 2023/01/12 ਲਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਸੂਬੇ ਦੇ ਨਵੇਂ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ਼ ਇੱਕ ਮੁਲਾਕਾਤ ਕੀਤੀ। ਚੰਡੀਗੜ੍ਹ ਵਿਖੇ ਹੋਈ ਇਸ ਗ਼ੈਰ ਰਸਮੀ ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਦੀ ਉਚੇਰੀ ਸਿੱਖਿਆ ਅਤੇ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਵੱਖ-ਵੱਖ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਜਿੱਥੇ ਉਨ੍ਹਾਂ ਨੂੰ ਨਵੇਂ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲਣ ਸੰਬੰਧੀ ਵਧਾਈ ਦਿੱਤੀ ਓਥੇ ਨਾਲ਼ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ। ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਨਿਵੇਕਲੀ ਭਾਂਤ ਦੇ ਪੰਜ ਸਾਲਾ ਇੰਟੈਗ੍ਰੇਟਿਡ ਕੋਰਸਾਂ ਬਾਰੇ ਵਿਸ਼ੇਸ਼ ਤੌਰ ਉੱਤੇ ਗੱਲ ਕਰਦਿਆਂ ਵਾਈਸ-ਚਾਂਸਲਰ ਨੇ ਦੱਸਿਆ ਕਿ ਅਜਿਹੀ ਪਹਿਲਕਦਮੀ ਕਰਨ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੇਸ਼ ਭਰ ਵਿੱਚ ਇਕਲੌਤੀ ਯੂਨੀਵਰਸਿਟੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕੋਰਸਾਂ ਵਿਚ ਵਿਦਿਆਰਥੀ ਆਪਣੇ ਮੁੱਖ ਵਿਸ਼ੇ ਦੇ ਨਾਲ-ਨਾਲ ਆਪਣੀ ਰੁਚੀ ਅਨੁਸਾਰ ਬਿਲਕੁਲ ਵੱਖਰੀ ਵੰਨਗੀ ਦਾ ਵਿਸ਼ਾ ਵੀ ਪੜ੍ਹ ਸਕਦੇ ਹਨ। ਉਦਾਹਰਨ ਵਜੋਂ ਵਿਗਿਆਨ ਜਾਂ ਗਣਿਤ ਖੇਤਰ ਦਾ ਵਿਦਿਆਰਥੀ ਆਪਣੇ ਇਸ ਮੁੱਖ ਵਿਸ਼ੇ ਦੇ ਨਾਲ਼-ਨਾਲ਼ ਸੰਗੀਤ, ਥੀਏਟਰ, ਸਾਹਿਤ ਆਦਿ ਵੀ ਪੜ੍ਹ ਸਕਦਾ ਹੈ। ਵਾਈਸ ਚਾਂਸਲਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਹਿਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਦਿਲਚਸਪੀ ਲਈ ਹੈ ਜਿਸ ਜਿਸ ਦੇ ਸਿੱਟੇ ਵਜੋਂ ਨਵੇਂ ਕੋਰਸ ਹੋਣ ਦੇ ਬਾਵਜੂਦ ਇਨ੍ਹਾਂ ਕੋਰਸਾਂ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ। ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਮੁੱਚੀਆਂ ਪਹਿਲਕਦਮੀਆਂ ਬਾਰੇ ਸੰਤੁਸ਼ਟੀ ਪ੍ਰਗਟਾਉਂਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਸਾਰੂ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀਆਂ ਸਭ ਸਰਗਰਮੀਆਂ ਵਿੱਚ ਵਿਸ਼ੇਸ਼ ਦਿਲਚਸਪੀ ਜ਼ਾਹਰ ਕਰਦਿਆਂ ਇੱਛਾ ਪ੍ਰਗਟਾਈ ਕਿ ਉਹ ਜਲਦ ਹੀ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਕਰ ਕੇ ਸਭ ਪਹਿਲਕਦਮੀਆਂ ਬਾਰੇ ਵਿਸਥਾਰ ਵਿੱਚ ਜਾਣਨਗੇ।
 • 2023/01/08 ਪੰਜਾਬੀ ਬੋਲੀ ਦੇ ਬਹੁਤ ਸਾਰੇ ਟਕਸਾਲੀ ਸ਼ਬਦਾਂ ਨੂੰ ਹੁਣ ਪੰਜਾਬ ਵਸਦੇ ਲੋਕ ਵੀ ਸਮਝਣੋਂ ਹਟ ਗਏ ਹਨ। ਅਜਿਹੇ ਸ਼ਬਦਾਂ ਨੂੰ ਸਿਰਫ਼ ਬਜ਼ੁਰਗ ਪੀੜ੍ਹੀ ਦੇ ਲੋਕ ਹੀ ਬੋਲਦੇ ਤੇ ਸਮਝਦੇ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ 20 ਜਿ਼ਲ੍ਹਿਆਂ ਦੇ 40 ਪਿੰਡਾਂ ਨੂੰ ਅਧਾਰ ਬਣਾ ਕੇ ਕੀਤੇ ਗਏ ਸਰਵੇਖਣ ਅਧਾਰਿਤ ਖੋਜ ਵਿੱਚ ਇਹ ਤੱਥ ਸਾਹਮਣੇ ਆਏ ਹਨ। ਉੱਘੇ ਭਾਸ਼ਾ ਵਿਗਿਆਨੀ ਨਿਗਰਾਨ ਡਾ. ਬੂਟਾ ਸਿੰਘ ਬਰਾੜ ਦੀ ਅਗਵਾਈ ਵਿੱਚ ਖੋਜਾਰਥੀ ਪਵਨਦੀਪ ਕੌਰ ਵੱਲੋਂ ਕੀਤੀ ਇਸ ਖੋਜ ਰਾਹੀਂ ਪੂਰਬੀ ਪੰਜਾਬ (ਪੰਜਾਬ ਦਾ ਸਿਰਫ਼ ਭਾਰਤ ਵਿਚਲਾ ਹਿੱਸਾ) ਦੇ ਖੇਤਰ ਵਿੱਚ ਮੌਜੂਦਾ ਸਮੇਂ ਬੋਲੀਆਂ ਜਾਂਦੀਆਂ ਚਾਰ ਪ੍ਰਮੁੱਖ ਬੋਲੀਆਂ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਬਾਰੇ ਇਹ ਖੋਜ ਕੀਤੀ ਗਈ ਜਿਸ ਵਿੱਚ ਪ੍ਰਾਪਤ ਅੰਕੜਿਆਂ ਤੋਂ ਇਹ ਸਪਸ਼ਟ ਰੂਪ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਅੰਗਰੇਜ਼ੀ ਅਤੇ ਹਿੰਦੀ ਦੇ ਪ੍ਰਭਾਵ ਕਾਰਨ ਇਨ੍ਹਾਂ ਸਾਰੀਆਂ ਬੋਲੀਆਂ ਦੇ ਸ਼ੁੱਧ ਸਰੂਪ ਨੂੰ ਖੋਰਾ ਲੱਗ ਰਿਹਾ ਹੈ। ਅੰਗਰੇਜ਼ੀ ਦੇ ਅਨੇਕਾਂ ਸ਼ਬਦ ਜਿਵੇਂ; ਥੈਂਕਯੂ, ਵੈਲਕਮ, ਗੁੱਡਮੌਰਨਿੰਗ, ਬਾਏ-ਬਾਏ, ਹੈਲੋ, ਸੰਡੇ, ਵਨ-ਵੇ, ਕੈਂਡਲ ਲਾਈਟ, ਡੇ, ਨਾਈਟ ਆਦਿ ਆਮ ਪ੍ਰਚੱਲਿਤ ਹੋ ਗਏ ਹਨ। ਇਸੇ ਤਰ੍ਹਾਂ ਉਚਾਰਣ ਦੇ ਪੱਖ ਤੋਂ ਹਿੰਦੀ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ। ਪੰਜਾਬੀ ਸ਼ਬਦ 'ਕੌਲੀ' ਤੋਂ 'ਕੋਲੀ' ਬਣ ਗਿਆ ਹੈ ਚੌਲ' ਤੋਂ 'ਚੋਲ' ਅਤੇ 'ਜਾਵਾਂਗੇ' ਤੋਂ 'ਜਾਏਂਗੇ' ਬਣ ਗਏ ਨੇ।ਇਸੇ ਤਰਾਂ ਵਾਕ ਬਣਤਰ ਹਿੰਦੀ ਨੁਮਾ ਹੋ ਗਈ ਹੈ।ਬੱਚੇ ਨੂੰ ਕੁੱਤੇ ਨੇ ਵੱਢਿਆ ਨਹੀਂ ਕੱਟਿਆ ਬੋਲਿਆ ਜਾਂਦੈ।ਇਸ ਤਰਾਂ ਦੀਆਂ ਅਨੇਕਾਂ ਹੋਰ ਉਦਹਾਰਨਾਂ ਹਨ।ਖੋਜਾਰਥੀ ਪਵਨਦੀਪ ਕੌਰ ਨੇ ਦੱਸਿਆ ਕਿ ਖੋਜ ਦੌਰਾਨ ਅਜਿਹੇ ਕਰੀਬ 2000 ਸ਼ਬਦਾਂ ਅਤੇ 400 ਵਾਕਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਦੀ ਵਰਤੋਂ ਹੁਣ ਸਿਰਫ਼ ਬਜ਼ੁਰਗਾਂ ਵੱਲੋਂ ਹੀ ਕੀਤੀ ਜਾਂਦੀ ਹੈ। ਨਵੀਂ ਪੀੜ੍ਹੀ ਨੂੰ ਅਜਿਹੇ ਸ਼ਬਦਾਂ ਜਿਵੇਂ ਸ਼ਕਾਲਾ ਸਿੰਘਰ, ਹੁੱਟ, ਧੰਦੜੇ, ਧਾਹੋ, ਪਿੰਜਰ, ਅੰਵਾਰਾ, ਅਰਲਾਸੇਟ, ਧੂਤਕਾੜਾ, ਸੂਸਲ੍ਹਾ, ਸਿਆੜ, ਸਲਾਰਾ, ਸਿਵਾਤ, ਗੰਡਿਆਲ, ਗੜੂੰਆ, ਚੌਖੜਾ, ਭੌੜਾ, ਮਾਖਤ, ਮਾਹਣੂ, ਖੁੜਮੇਟ, ਕੈਂਚ, ਤਤਾੜਾ, ਦੇਹੁਰਾ, ਫੀਲਾ, ਲੋਦਾ, ਵਰੇਗੜਾ, ਅਛਮਨੀ, ਅਰਗੜ, ਸਮੋਸਾ, ਕਰਾਂਦ, ਗੋਰੂ, ਗੁਟੂੰ, ਢਿੱਗ, ੜਿੱਕਾ ਅਤੇ ਤੱਖਰ ਆਦਿ ਬਾਰੇ ਬਿਲਕੁਲ ਵੀ ਪਤਾ ਨਹੀਂ।

infrastructure

Initiatives for the Punjabi language

Library

Directorate of Sports

Hostels

Administrative Enquiry

0175-5136366

Admission Enquiry

0175-5136522

Examination Enquiry

0175-5136370

Chief Minister's Anti Corruption Action Link : 9501200200